ਸ਼ਬਦੀਸ਼ ਥਿੰਦ
ਪਟਿਆਲਾ:- 20 ਅਪ੍ਰੈਲ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਤਿਆਰ ਕੀਤੇ ਪੰਜਾਬੀ ਦੇ 5 ਖ਼ੂਬਸੂਰਤ ਯੂਨੀਕੋਡ ਫੌਂਟਾਂ ਨੂੰ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਲੋਕ ਅਰਪਨ ਕੀਤਾ।
ਪ੍ਰੋਗਰਾਮ ਦੇ ਸ਼ੁਰੂ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਸਮਾਰੋਹ ਵਿਚ ਜੀ ਐੱਨ ਆਈ ਸੰਸਥਾ ਦੇ ਚੇਅਰਮੈਨ, ਉੱਘੇ ਸਿੱਖ ਚਿੰਤਕ ਤੇ ਸਮਾਜ ਸੇਵੀ ਡਾ. ਗਿਆਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਸੰਸਥਾ ਦੇ ਬੋਰਡ ਦੇ ਮੈਂਬਰ ਵੀ ਹਾਜ਼ਰ ਸਨ।
ਇਸ ਮੌਕੇ ਡਾ. ਗਿਆਨ ਸਿੰਘ ਨੇ ਡਾ. ਸੀ ਪੀ ਕੰਬੋਜ ਨੂੰ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਸੰਪੂਰਨ ਕਰਨ ਤੇ ਵਧਾਈ ਦਿੱਤੀ। ਇਸ ਸਮੇਂ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਡਾ. ਕੰਬੋਜ ਦੀ ਅਗਵਾਈ ਹੇਠ ਪੰਜਾਬੀ ਫੌਂਟ ਵਿਕਾਸ ਦੇ ਖੇਤਰ ਵਿਚ ਆਧੁਨਿਕ ਤਕਨਾਲੋਜੀ ਵਾਲੇ ਹੋਰ ਵੀ ਫੌਂਟ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਦੀ ਭਾਈਵਾਲੀ ਨਾਲ ਪੰਜਾਬੀ ਦੇ ਵਿਕਾਸ ਲਈ ਹੋਰ ਪ੍ਰੋਜੈਕਟ ਵੀ ਸ਼ੁਰੂ ਕਰਨਗੇ।
ਡਾ. ਕੰਬੋਜ ਦੀ ਅਗਵਾਈ ਹੇਠ ਤਿਆਰ ਕੀਤੇ ਨਾਨਕ ਦਰਬਾਰੀ, ਨਾਨਕ ਲਿਪੀ, ਨਾਨਕ ਲਿਪੀ ਉਭਾਰੀ, ਨਾਨਕ ਨਾਦ ਅਤੇ ਨਾਨਕ ਪੱਟੀ ਨਾਂ ਦੇ ਫੌਂਟ ਬਾਰੇ ਤਿਆਰ ਕੀਤੀ ਪੇਸ਼ਕਾਰੀ ਵਿਚ ਗੁਰਬਾਣੀ ਅਤੇ ਸੰਗੀਤ ਦੇ ਵਿਸ਼ੇਸ਼ ਚਿੰਨ੍ਹਾਂ ਨੂੰ ਟਾਈਪ ਕਰਨ ਦੀ ਵਿਧੀ ਦੱਸੀ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਕੋਡ ਫੌਂਟਾਂ ਵਿਚ ਪਹਿਲੀ ਵਾਰ ਰੂਪ ਬਦਲੀ ਵਿਸ਼ੇਸ਼ਤਾ (Stylistic Set) ਅਤੇ ਉੱਨਤ ਰੈਂਡਰਿੰਗ ਇੰਜਣ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫੌਂਟਾਂ ਨੂੰ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਵੈੱਬਸਾਈਟ ਅਤੇ ਕੈਨੇਡੀਅਨ ਸੰਸਥਾ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਪੰਜਾਬੀ ਫੌਂਟਾਂ ਵਿਚ ਗੁਰਬਾਣੀ ਲਿਖਤਾਂ ਨੂੰ ਟਾਈਪ ਕਰਨ ਲਈ ਆਉਂਦੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ, ਪ੍ਰੋਗਰਾਮ ਦੇ ਅੰਤ ਵਿਚ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਬਰਾੜ ਨੇ ਕੈਨੇਡਾ ਤੋਂ ਆਈ ਜੀਐੱਨਆਈ ਦੀ ਟੀਮ ਤੇ ਫੌਂਟ ਵਿਕਾਸਕਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮੰਚ ਸੰਚਾਲਨ ਅਧਿਆਪਕ ਡਾ. ਗੁਰਸੇਵਕ ਸਿੰਘ ਲੰਬੀ ਨੇ ਕੀਤਾ।
ਇਸ ਮੌਕੇ ਸ. ਹਰਪ੍ਰੀਤ ਸਿੰਘ ਦਰਦੀ, ਡਾ. ਗੁਰਨਾਮ ਸਿੰਘ, ਗੁਰਜੀਤ ਕੌਰ ਬੈਂਸ, ਡਾ. ਕਮਲਜੀਤ ਕੌਰ, ਸ. ਹਰਜਿੰਦਰ ਸਿੰਘ, ਟੌਹੜਾ ਇੰਸਟੀਚਿਊਟ ਤੋਂ ਡਾ. ਚਮਕੌਰ ਸਿੰਘ, ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਰਾਜਵੰਤ ਪੰਜਾਬੀ, ਡਾ. ਗੁਰਜੰਟ ਸਿੰਘ, ਡਾ. ਪਰਮਵੀਰ ਸਿੰਘ, ਡਾ. ਰਾਜਮੋਹਿੰਦਰ ਕੌਰ, ਡਾ. ਰਾਜਵਿੰਦਰ ਸਿੰਘ, ਡਾ. ਮਲਕਿੰਦਰ ਕੌਰ, ਡਾ. ਪਰਮਜੀਤ ਕੌਰ ਸਮੇਤ ਪੰਜਾਬੀ ਤੇ ਗੁਰਮਤਿ ਜਗਤ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।