ਅਣਤਰਾਸ਼ੇ ਖੇਡ ਹੀਰਿਆਂ ਨੂੰ ਤਰਾਸ਼ਣ ਦਾ ਕੰਮ ਕਰਨਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’: ਕੈਬਨਿਟ ਮੰਤਰੀ ਅਮਨ ਅਰੋੜਾ

news-details

 bolda punjab

ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਤੋਂ ਸੁਨਾਮ ਊਧਮ ਸਿੰਘ ਵਾਲਾ ਤਹਿਸੀਲ ’ਚ ਬਲਾਕ ਪੱਧਰ ’ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਉਮਰ ਵਰਗ ਦੇ ਲੋਕਾਂ ’ਚ ਸਰੀਰਕ ਤੰਦਰੁਸਤੀ ਦੀ ਚੇਤਨਾ ਲਾਉਣ ਲਈ ਇਹ ਖੇਡਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ’ਚੋਂ ਅਣਤਰਾਸ਼ੇ ਖੇਡ ਹੀਰਿਆਂ ਨੂੰ ਤਰਾਸ਼ਣ ਦਾ ਕੰਮ ਕਰਨਗੀਆਂ ਜੋ ਕਿ ਇਸ ਪਲੇਟਫ਼ਾਰਮ ਸਦਕਾ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਤਿਆਰ ਕੀਤੇ ਜਾਣਗੇ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ’ਚ ਖੇਡਾਂ ਨੂੰ ਉਤਸ਼ਾਹਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਨੌਜਵਾਨ ਕੁਰਾਹੇ ਪੈਂਦੇ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਉੱਦਮ ਸਦਕਾ ਹੁਣ ਜਿੱਥੇ ਨੌਜਵਾਨਾਂ ਦੀ ਤਾਕਤ ਨੂੰ ਸਹੀ ਦਿਸ਼ਾ ਵੱਲ ਮੋੜਨ ’ਚ ਮਦਦ ਮਿਲੇਗੀ, ਉੱਥੇ ਹੀ ਪੰਜਾਬੀਆਂ ਨੂੰ ਚੰਗੀ ਸਿਹਤ ਪ੍ਰਤੀ ਵੀ ਜਾਗਰੂਕ ਕੀਤਾ ਜਾ ਸਕੇਗਾ।
ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਸਿਰਕੱਢ ਸ਼ਹੀਦਾਂ ਦੀ ਧਰਤੀ ਹੈ ਜਿਨਾਂ ਦਾ ਨਾਮ ਲੈਣ ਮੌਕੇ ਹਰ ਦੇਸ਼ ਵਾਸੀ ਦਾ ਨਾਂ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਨਾਂ ਖੇਡਾਂ ’ਚ ਵੀ ਸੁਨਾਮ ਹਲਕੇ ਦੇ ਖਿਡਾਰੀ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਚੰਗਾ ਪ੍ਰਦਰਸ਼ਨ ਕਰਨਗੇ। ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਤੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਨਾਲ ਪ੍ਰਦਰਸ਼ਨੀ ਦੌੜ ’ਚ ਵੀ ਹਿੱਸਾ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੁਨਾਮ ਜਸਪ੍ਰੀਤ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।